ਕੁੜੀਆਂ ਦੇ ਸੁਪਨੇ ਅਤੇ ' ਸੁਰਖੀ ਬਿੰਦੀ '
----------------
ਪੰਜਾਬੀ ਫਿਲਮਾਂ ਨਵੇਂ ਨਵੇਂ ਵਿਸ਼ੇ ਲੈ ਕੇ ਚੁਸਤ ਨਿਰਦੇਸ਼ਨ ਅਤੇ ਵਧੀਆ ਅਦਾਕਾਰੀ ਨਾਲ ਸਾਹਮਣੇਂ ਆ ਰਹੀਆਂ ਹਨ। ਸੁਰਖੀ ਬਿੰਦੀ ਇਸ ਬਿਆਨ ਤੇ ਖਰਾ ਉੱਤਰਨ ਵਾਲੀ ਫਿਲਮ ਹੈ। ਹੇਠਲੇ ਮੱਧਵਰਗੀ ਪਰਿਵਾਰ ਦੀ ਇੱਕਵੀਂ ਸਦੀ ਦੀ ਕੁੜੀ ਦੇ ਸੁਪਨਿਆਂ ਨੂੰ ਖੂਬਸੂਰਤ ਅੰਦਾਜ਼ ਵਿੱਚ ਫਿਲਮੀ ਪਟਕਥਾ ਵਿੱਚ ਢਾਲਿਆ ਗਿਆ ਹੈ। ਸਰਗੁਣ ਮਹਿਤਾ ਸੁਪਨਿਆਂ ਦਾ ਪਿੱਛਾ ਕਰਨ ਵਾਲੀ ਕੁੜੀ ਦੇ ਰੋਲ ਵਿੱਚ ਜਚੀ ਹੈ। ਵਧੀਆ ਗੱਲ ਇਹ ਹੈ ਕਿ ਉਸਦੇ ਸੁਪਨੇ ਕੋਈ ਅਫਲਾਤੂਨੀ ਕਿਸਮ ਦੇ ਨਹੀਂ ਸਗੋਂ ਪੰਜਾਬ ਦੀਆਂ ਘੁਟਵੀਆਂ ਸਥਿਤੀਆਂ ਦੀ ਰਗੜ ਵਿੱਚੋਂ ਉਪਜੇ ਹਨ । ਮੇਰੀ ਜਾਚੇ ਇਹੋ ਜਿਹੇ ਵਿਸ਼ੇ ਤੇ ਬਣੀ ਇਹ ਪਹਿਲੀ ਫਿਲਮ ਹੈ। ਸਰਗੁਣ ਦੇ ਮੁਹੱਬਤੀ (Supportive) ਪਤੀ ਦੇ ਰੂਪ ਵਿਚ ਗੁਰਨਾਮ ਭੁੱਲਰ ਵੀ ਚੰਗਾ ਲੱਗਾ ਹੈ। ਉਸਦਾ ਸਾਊਪੁਣਾ ਮਨ ਨੂੰ ਮੋਂਹਦਾ ਹੈ। ਭੈਣ ਭਰਾ ਦੇ ਰਿਸ਼ਤੇ ਦੀਆਂ ਸੂਖਮ ਤੰਦਾਂ ਅਤੇ ਹੋਰ ਰਿਸ਼ਤਿਆਂ ਦੇ ਕੱਚ-ਸੱਚ ਨੂੰ ਵੀ ਕਥਾ ਵਿੱਚ ਸੋਹਣਾ ਗੁੰਦਿਆ ਗਿਆ ਹੈ। ਪੰਜਾਬੀ ਭਾਸ਼ਾ ਦੇ ਹੱਕ ਵਿੱਚ ਢੁਕਵੇਂ ਥਾਵਾਂ ਤੇ ਬੋਲੇ ਦੋ ਸੰਵਾਦਾਂ ਕਰਕੇ ਇੱਕ ਸਟਾਰ ਵੈਸੇ ਹੀ ਵੱਧ ਦੇਣ ਨੂੰ ਦਿਲ ਕਰਦਾ ਹੈ। ਫਿਲਮ ਮਿੱਸ ਕਰਨ ਵਾਲੀ ਨਹੀਂ ਹੈ।